ਲਾਰਿਆਂ ਤੋਂ ਤੰਗ ਆਏ ਸਫਾਈ ਸੇਵਕਾਂ ਨੇ ਕੀਤੀ ਹੜਤਾਲ

ਹੰਡਿਆਇਆ- 4 ਦਸੰਬਰ (ਰਾਕੇਸ਼ ਜੇਠੀ)- ਨਗਰ ਪੰਚਾਇਤ ਹੰਡਿਆਇਆ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਨੇ ਦੱਸਿਆ ਕਿ ਨਗਰ ਪੰਚਾਇਤ ਹੰਡਿਆਇਆ ਵੱਲੋਂ ਉਹਨਾਂ ਦੀਆਂ ਜਾਇਜ਼ ਮੰਗਾਂ ਸਬੰਧੀ ਬਾਰ-ਬਾਰ ਲਾਰੇ ਲਗਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸਫਾਈ ਸੇਵਕਾਂ ਦਾ ਪੀਐਫ ਉਹਨਾਂ ਦੀ ਤਨਖਾਹਾਂ ਵਿੱਚੋਂ ਕੱਟਿਆ ਜਾ ਰਿਹਾ ਹੈ। ਪ੍ਰੰਤੂ ਪਿਛਲੇ ਅੱਠ ਸਾਲ ਦਾ ਪੀਐਫ ਉਹਨਾਂ ਦੇ ਖਾਤੇ ਵਿੱਚ ਜਮਾਂ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਸਫਾਈ ਸੇਵਕ ਰਵੀ ਕੁਮਾਰ ਪੁੱਤਰ ਵਿਜੇ ਪਾਲ ਨੂੰ ਆਊਟ ਸੋਰਸ ਤੋਂ ਕੰਟਰੈਕਟ ਬੇਸ ਤੇ ਮਤਾ ਪਾਉਣ ਤੋਂ ਨਗਰ ਪੰਚਾਇਤ ਹੰਡਿਆਇਆ ਦੀ ਪ੍ਰਧਾਨ ਲਗਾਤਾਰ ਟਾਲਮ ਟੋਲ ਕਰ ਰਹੀ ਹੈ। ਸ਼ਹਿਰ ਦੀ ਆਬਾਦੀ ਦੇ ਅਨੁਸਾਰ ਸਫਾਈ ਸੇਵਕਾਂ ਦੀ ਗਿਣਤੀ ਘੱਟ ਹੈ, ਇਸ ਕਰਕੇ ਯੂਨੀਅਨ ਵੱਲੋਂ ਹੋਰ ਸਫਾਈ ਸੇਵਕ ਭਰਤੀ ਕੀਤੇ ਜਾਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੂਹ ਸਫਾਈ ਸੇਵਕਾਂ ਦਾ ਸਿਹਤ ਬੀਮਾ ਵੀ ਨਹੀਂ ਕਰਵਾਇਆ ਗਿਆ। ਸਫਾਈ ਲਈ ਵਰਤਿਆ ਜਾਣ ਵਾਲੀਆਂ ਹੱਥ ਰੇੜੀਆਂ ਵੀ ਟੁੱਟੀਆਂ ਹੋਈਆਂ ਹਨ। ਉਹਨਾਂ ਨੂੰ ਠੀਕ ਨਹੀਂ ਕਰਵਾਇਆ ਜਾ ਰਿਹਾ।
ਉਪਰੋਕਤ ਮੰਗਾਂ ਲਈ ਲਗਾਤਾਰ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਵੱਲੋਂ ਲਾਰੇ ਲਗਾਏ ਜਾ ਰਹੇ ਹਨ। ਇਸ ਲਈ ਅੱਜ ਸਮੂਹ ਸਫਾਈ ਸੇਵਕ ਹੜਤਾਲ ਤੇ ਬੈਠਣ ਲਈ ਮਜਬੂਰ ਹੋ ਗਏ ਹਨ। ਇਸ ਸਮੇਂ ਉਹਨਾਂ ਨਾਲ ਸਫਾਈ ਸੇਵਕ ਵਿਸ਼ਾਲ, ਸ਼ੇਖਰ, ਰਾਣੀ, ਰਵੀ ਕੁਮਾਰ, ਨੀਤੂ, ਬੰਦਨਾ, ਕ੍ਰਿਸ਼ਨ ਕੁਮਾਰ, ਸਾਗਰ ਸਿੰਘ, ਕਿਰਨਾ, ਪੰਕਜ ਕੁਮਾਰ, ਸੁਨੀਤਾ ਅਤੇ ਸੰਜੇ ਕੁਮਾਰ ਵੀ ਹਾਜ਼ਰ ਸਨ।


